ਸੁਖਬੀਰ ਬਾਦਲ ‘ਤੇ ਦੋਸ਼ ਲਗਾਉਣ ਨਾਲ ਪ੍ਰਦੇਸ਼ ਦੀ ਸਿਆਸਤ ‘ਚ ਭੂਚਾਲ : ਜਾਖੜ

0
109

2014_6image_04_45_176823154sunil_sukhbir-ll* ਸੁਖਬੀਰ ਭਾਜਪਾ ਵਲੋਂ ਲਗਾਏ ਦੋਸ਼ਾਂ ‘ਤੇ ਸਪੱਸ਼ਟੀਕਰਨ ਦੇਵੇ * ਵਿਧਾਨ ਸਭਾ ‘ਚ ਸਰਕਾਰ ਨੂੰ ਘੇਰੇਗੀ ਕਾਂਗਰਸ

ਜਲੰਧਰ/ਚੰਡੀਗੜ੍ਹ, (ਧਵਨ) – ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਾਜਪਾ ਦੇ ਸੀਨੀਅਰ ਮੰਤਰੀ ਅਨਿਲ ਜੋਸ਼ੀ ਵੱਲੋਂ ਨਾਜਾਇਜ਼ ਖਨਨ ਦੇ ਮਾਮਲੇ ‘ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਗਾਉਣ ਨਾਲ ਪ੍ਰਦੇਸ਼ ਦੀ ਸਿਆਸਤ ‘ਚ ਭੂਚਾਲ ਆ ਗਿਆ ਹੈ। ਉਨ੍ਹਾਂ ਅੱਜ ਇਕ ਬਿਆਨ ‘ਚ ਕਿਹਾ ਕਿ ਅਜਿਹੇ ਦੋਸ਼ ਲਗਾਉਣ ਦੇ ਬਾਅਦ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗਠਜੋੜ ਦੀ ਕੋਈ ਤੁਕ ਨਹੀਂ ਬਣਦੀ ਹੈ। ਅਜਿਹੇ ਦੋਸ਼ ਲਗਾਉਣ ਤੋਂ ਪਹਿਲਾਂ ਭਾਜਪਾ ਨੂੰ ਗਠਜੋੜ ਤੋੜ ਕੇ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਸੀ। ਜਾਖੜ ਨੇ ਕਿਹਾ ਕਿ ਹੁਣ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਉੱਪਰ ਲੱਗੇ ਦੋਸ਼ਾਂ ਦੇ ਮਾਮਲੇ ‘ਚ ਜਵਾਬ ਦੇਣ ਅਤੇ ਨਾਲ ਹੀ ਭਾਜਪਾ ਨੂੰ ਵੀ ਬਾਹਰ ਦਾ ਰਸਤਾ ਦਿਖਾਉਣ। ਭਾਜਪਾ ਨੇਤਾ ਆਪਣੀ ਜ਼ਿੰਮੇਵਾਰੀ ਦੂਸਰਿਆਂ ‘ਤੇ ਪਾ ਕੇ ਲੁੱਟ ਦੀ ਸਾਂਝੇਦਾਰੀ ਦੇ ਦੋਸ਼ਾਂ ਤੋਂ ਬਚ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਮੁੱਖ ਮੁੱਦੇ ਨਾਜਾਇਜ਼ ਖਨਨ ਅਤੇ ਪ੍ਰਾਪਰਟੀ ਟੈਕਸ ‘ਤੇ ਭਾਜਪਾ ਨੇਤਾ ਨਵੇਂ-ਨਵੇਂ ਬਿਆਨ ਦੇ ਕੇ ਆਪਣੀ ਜ਼ਿੰਮੇਵਾਰੀ ਅਕਾਲੀ ਦਲ ਦੇ ਨੇਤਾਵਾਂ ‘ਤੇ ਪਾਉਣ ‘ਚ ਲੱਗੇ ਹੋਏ ਹਨ। ਦੇਰ ਨਾਲ ਹੀ ਸਹੀ ਹੁਣ ਖੁਦ ਭਾਜਪਾ ਮੰਤਰੀ ਨੇ   ਮੰਨਿਆ  ਹੈ ਕਿ ਪੰਜਾਬ ‘ਚ ਨਾਜਾਇਜ਼ ਖਨਨ ਸਰਕਾਰ ਦੀ ਸ਼ਹਿ ‘ਤੇ ਹੋ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਪ੍ਰਦੇਸ਼ ‘ਚ ਚੱਲ ਰਹੇ ਨਾਜਾਇਜ਼ ਖਨਨ   ਦੇ ਧੰਦੇ ‘ਚ ਅਕਾਲੀ ਦਲ ਅਤੇ ਭਾਜਪਾ ਨੇਤਾ ਹੀ ਨਹੀਂ ਸਗੋਂ ਪੂਰੀ ਪੰਜਾਬ ਸਰਕਾਰ ਦੋਸ਼ੀ ਹੈ। ਇਨ੍ਹਾਂ ਵਿਸ਼ਿਆਂ ‘ਚ ਮਾਫੀਆ ਨੇ ਪੰਜਾਬ ਦੀ ਜਨਤਾ ਤੋਂ ਹਜ਼ਾਰਾਂ ਕਰੋੜ ਰੁਪਏ ਲੁੱਟੇ, ਉਦੋਂ ਭਾਜਪਾ ਨੇਤਾ ਕਿੱਥੇ ਸਨ? ਜਾਖੜ ਨੇ ਭਾਜਪਾ ਨੇਤਾਵਾਂ ‘ਤੇ ਵਰ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਿਰਫ ਕੁਰਸੀ ਅਤੇ ਕਾਰ ਲਈ ਹੀ ਅਕਾਲੀ ਦਲ ਦੀ ਪਿਛਲੱਗੂ ਪਾਰਟੀ ਬਣਨ ‘ਚ ਵੀ ਕੋਈ ਗੁਰੇਜ਼ ਨਹੀਂ ਹੈ। ਜੇਕਰ ਉਹ ਇਸ ਲੁੱਟ ‘ਚ ਸ਼ਾਮਲ ਨਹੀਂ ਹਨ ਤਾਂ ਬਿਆਨਬਾਜ਼ੀ ਛੱਡ ਕੇ ਸੱਤਾ ਤੋਂ ਬਾਹਰ ਆ ਕੇ ਨਾਜਾਇਜ਼ ਖਨਨ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕਰੇ। ਕਾਂਗਰਸ ਨੇਤਾ ਨੇ ਕਿਹਾ ਕਿ ਪੰਜਾਬ ‘ਚ ਖਨਨ ‘ਤੇ ਰੋਕ ਕੇਂਦਰ ਦੀ ਸਾਬਕਾ ਯੂ. ਪੀ. ਏ. ਸਰਕਾਰ ਵੱਲੋਂ ਕਲੀਅਰੈਂਸ ਸਬੰਧੀ ਫਾਈਲਾਂ ‘ਤੇ ਰੋਕ ਕਾਰਨ ਨਹੀਂ ਸਗੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸੂਬੇ ਵੱਲੋਂ ਆਪਣੀ ਖਨਨ ਨੀਤੀ ਬਣਾਉਣ ਦੇ ਬਾਅਦ ਵੀ ਉਸ ਦਾ ਹਲਫਨਾਮਾ ਨਾ ਦੇਣ ਕਾਰਨ ਹਾਈ ਕੋਰਟ ਵੱਲੋਂ ਲਗਾਈ ਗਈ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 5 ਹੈਕਟੇਅਰ ਤੱਕ ਮਾਈਨਿੰਗ ਸਬੰਧੀ ਕਲੀਅਰ ਕਰਨ ਦੀ ਛੋਟ ਪਹਿਲਾਂ ਹੀ ਪੰਜਾਬ ਨੂੰ ਦਿੱਤੀ ਹੋਈ ਸੀ ਜਦੋਂ ਕਿ 25 ਹੈਕਟੇਅਰ ਤੱਕ ਦੀਆਂ ਖੱਡਾਂ ਨੂੰ ਕਲੀਅਰ ਕਰਨ ਦੀ ਛੋਟ ਵੀ ਦਸੰਬਰ 2013 ‘ਚ ਸੂਬਾ ਸਰਕਾਰ ਨੂੰ ਮਿਲ ਗਈ ਸੀ। ਭਾਜਪਾ ਨਾਲ ਸੰਬੰਧਿਤ  ਸੂਬੇ ਦੇ ਉਦਯੋਗ ਮੰਤਰੀ ਜਨਤਾ ਨੂੰ ਦੱਸਣਗੇ ਕਿ ਪਿਛਲੇ ਸਾਲ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਖਨਨ ਦੇ ਮਾਮਲੇ ‘ਚ ਦਿੱਤੀ ਗਈ ਛੋਟ ਤੋਂ ਬਾਅਦ ਉਨ੍ਹਾਂ ਨੇ ਜਨਤਾ ਨੂੰ ਤੈਅ ਭਾਅ ‘ਤੇ ਰੇਤ-ਬੱਜਰੀ ਦਿਵਾਉਣ ਲਈ ਕੀ ਕਦਮ ਚੁੱਕੇ? ਜਾਖੜ ਨੇ ਕਿਹਾ ਕਿ ਨਾਜਾਇਜ਼ ਖਨਨ ਅਤੇ ਸ਼ਹਿਰੀਆਂ ‘ਤੇ ਲੱਗੇ ਪ੍ਰਾਪਰਟੀ ਟੈਕਸ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ‘ਚ ਕਾਂਗਰਸ ਵੱਲੋਂ ਉਠਾਇਆ ਜਾਵੇਗਾ ਅਤੇ ਪੰਜਾਬ ‘ਚ ਫੈਲੇ ਮਾਫੀਆ ਰਾਜ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਜਾਵੇਗਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।