ਸੁਖਬੀਰ ‘ਤੇ ਪਰਚਾ ਦਰਜ ਹੋਵੇ : ਬਾਜਵਾ

2015_5image_02_19_41939800001mogaajay50-llਬਾਘਾਪੁਰਾਣਾ (ਰਾਕੇਸ਼, ਚਟਾਨੀ, ਮੁਨੀਸ਼) – ਬਾਦਲ ਦੀ ਓਰਬਿਟ ਬੱਸ ਵਲੋਂ ਨੇੜਲੇ ਪਿੰਡ ਗਿੱਲ ਵਿਖੇ ਇਕ ਲੜਕੀ ਦੀ ਧੱਕਾ ਮਾਰ ਕੇ ਕੀਤੀ ਹੱਤਿਆ ਅਤੇ ਉਸ ਦੀ ਮਾਂ ਨੂੰ ਜ਼ਖਮੀ ਕਰਨ ਦੇ ਖਿਲਾਫ ਜਿਸ ਤਰ੍ਹਾਂ ਪੰਜਾਬ ਅੰਦਰ ਜਨ-ਜਨ ਸੜਕਾਂ ‘ਤੇ ਉਤਰ ਆਇਆ ਹੈ, ਉਸ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਿਆ ਹੈ। ਅੱਜ ਜ਼ਿਲਾ ਮੋਗਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਮੁੱਖ ਥਾਣੇ ਅੱਗੇ 4 ਘੰਟੇ ਤੱਕ ਦਿੱਤੇ ਧਰਨੇ ਵਿਚ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲੜਕੀ ਦੀ ਹੱਤਿਆ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਜਿੰਨਾ ਚਿਰ ਮਾਮਲਾ ਦਰਜ ਨਹੀਂ ਹੋ ਜਾਂਦਾ ਓਨਾ ਚਿਰ ਕਾਂਗਰਸ ਪਾਰਟੀ ਸ਼ਾਂਤੀ ਨਾਲ ਨਹੀਂ ਬੇਠੇਗੀ, ਕਿਉਂਕਿ ਲੜਕੀ ਦੀ ਹੱਤਿਆ ਤੋਂ ਬਾਅਦ ਸੁਖਬੀਰ ਬਾਦਲ ਨੇ ਚੁੱਪੀ ਧਾਰ ਲਈ ਹੈ। 

ਉਨ੍ਹਾਂ ਮੰਗ ਕੀਤੀ ਕਿ ਲੜਕੀ ਦੀ ਮੌਤ ‘ਤੇ ਸੁਖਬੀਰ ਬਾਦਲ ਖਿਲਾਫ਼ ਪਰਚਾ ਦਰਜ ਹੋਵੇ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੰਤਰੀ ਪਦ ਤੋਂ ਅਸਤੀਫਾ ਦੇਵੇ ਅਤੇ ਪੰਜਾਬ ਦੀਆਂ ਸੜਕਾਂ ਤੋਂ ਓਰਬਿਟ ਬੱਸਾਂ ਚੱਲਣੀਆਂ ਬੰਦ ਕੀਤੀਆਂ ਜਾਣ।
ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਵਿਧਾਇਕ ਜੁਗਿੰਦਰ ਸਿੰਘ ਜੈਤੋਂ, ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਬੀਬੀ ਜਗਦਰਸ਼ਨ ਕੌਰ, ਯੂਥ ਕਾਂਗਰਸ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬਰਾੜ, ਗੁਰਬਚਨ ਸਿੰਘ ਬਰਾੜ ਅਤੇ ਹੋਰਨਾਂ ਨੇ ਸੰਬੋਧਨ ਕੀਤਾ। ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਚਾਰੇ ਕੰਪਨੀਆਂ ਦੀਆਂ ਬੱਸਾਂ ਨੇ ਦੂਸਰੀਆਂ ਪ੍ਰਾਈਵੇਟ ਬੱਸਾਂ ਨੂੰ ਫੇਲ ਕਰਨ ਦੀ ਕੋਈ ਕਸਰ ਨਹੀਂ ਛੱਡੀ, ਪੰਜਾਬ ਦੀਆਂ ਸੜਕਾਂ ਬੱਸ ਸਟੈਂਡਾਂ, ਚੌਕਾਂ ਨੂੰ ਆਪਣੇ ਕਬਜ਼ੇ ਵਿਚ ਲੈ ਰੱਖਿਆ ਹੈ, ਕਿਸੇ ਟ੍ਰੈਫਿਕ ਪੁਲਸ ਮੁਲਾਜ਼ਮ ਦੀ ਹਿੰਮਤ ਨਹੀਂ ਹੈ ਕਿ ਉਹ ਇਨ੍ਹਾਂ ਦੀ ਕਿਸੇ ਬੱਸ ਨੂੰ ਖੜ੍ਹਨ ਤੋਂ ਰੋਕ ਦੇਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਸੱਤਾ ਦੀ ਤਾਕਤ ਵਿਚ ਲੋਕਾਂ ‘ਤੇ ਜ਼ੁਲਮ ਢਾਹ ਰਿਹਾ ਹੈ ਅਤੇ ਹਰੇਕ ਆਦਮੀ ਇਨ੍ਹਾਂ ਦੇ ਝੂਠੇ ਪਰਚਿਆਂ ਤੋਂ ਡਰ ਰਿਹਾ ਹੈ।  ਸ. ਬਾਜਵਾ ਨੇ ਕਿਹਾ ਕਿ ਬੱਸ ਕਾਂਡ ਦੇ 4 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਨ ਨਾਲ ਕੋਈ ਮਾਮਲਾ ਹੱਲ ਹੋਣ ਵਾਲਾ ਨਹੀਂ ਸਗੋਂ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਨੇ ਡਰਾਈਵਰ ਕੰਡਕਟਰ ਸਮੇਤ 4 ‘ਤੇ ਪਰਚੇ ਦਰਜ ਕਰ ਕੇ ਗਲੋਂ ਗਲਾਵਾਂ ਲਾਹਿਆ ਹੈ।
ਇਸ ਮੌਕੇ ਰਾਕੇਸ਼ ਸ਼ਾਹੀ, ਜਗਸੀਰ ਗਰਗ, ਮਨਦੀਪ ਕੱਕੜ, ਭੋਲਾ ਸਿੰਘ ਬਰਾੜ, ਜਗਸੀਰ ਜੱਗਾ, ਗੁਰਜੰਟ ਸਿੰਘ ਧਾਲੀਵਾਲ, ਟੀਨਾ ਬਾਂਸਲ, ਡਾ. ਦਵਿੰਦਰ ਸਿੰਘ, ਗੁਰਦੇਵ ਸਿੰਘ ਮੈਂਬਰ, ਜਗਸੀਰ ਸਿੰਘ ਕਾਲੇਕੇ, ਸੁੱਖਾ ਲਧਾਈਕੇ, ਜਗਰੂਪ ਸਿੰਘ ਗੋਂਦਾਰਾ, ਤਜਿੰਦਰ ਸਿੰਘ ਕਾਲੇਕੇ, ਰਜਿੰਦਰ ਪਾਲ ਸਿੰਘ ਭੁੱਲਰ, ਕੁਲਵਿੰਦਰ ਕਿੰਦਾ, ਰਾਜ ਕਮਲ ਲੂੰਬਾ, ਬਲਜਿੰਦਰ ਲੰਗੇਆਣਾ, ਪਰਮਜੀਤ ਸਿੰਘ ਨੰਗਲ, ਸਾਹਿਬਜੀਤ ਲੰਗੇਆਣਾ, ਗੁਰਚਰਨ ਸਿੰਘ ਚੀਦਾ, ਪ੍ਰੀਤਮ ਸਿੰਘ ਭੱਟੀ, ਬਲਵੰਤ ਸਿੰਘ, ਸੁਰਿੰਦਰ ਸ਼ਿੰਦਾ, ਦੀਪਾ ਅਰੋੜਾ, ਵੇਦ ਪ੍ਰਕਾਸ਼ ਤਨੇਜਾ, ਚਮਕੌਰ ਸਿੰਘ ਬਰਾੜ ਅਤੇ ਹੋਰ ਸ਼ਾਮਲ ਸਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।