ਬੈਂਕ ‘ਚ ਚਿੱਟੇ ਦਿਨ 21.48 ਲੱਖ ਦੀ ਡਕੈਤੀ

0
93

2015_2image_05_59_5329646369asr01sandhuchamyari-llਚਮਿਆਰੀ(ਸੰਧੂ, ਬਲਜਿੰਦਰ, ਭੰਗੂ, ਸਾਰੰਗਲ)- ਅੱਜ ਚਿੱਟੇ ਦਿਨ ਅਜਨਾਲਾ-ਫ਼ਤਿਹਗੜ੍ਹ ਚੂੜੀਆਂ ਮੁੱਖ ਸੜਕ ‘ਤੇ ਪੈਂਦੇ ਅੱਡਾ ਡਿਆਲ ਭੜੰਗ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਵਿਛੋਆ ਬ੍ਰਾਂਚ ‘ਚੋਂ ਅਣਪਛਾਤੇ ਲੁਟੇਰੇ 21.48 ਲੱਖ ਦੇ ਕਰੀਬ ਰਕਮ ਲੁੱਟ ਕੇ ਲੈ ਗਏ।  ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰੇ 11.40 ਵਜੇ ਦੇ ਕਰੀਬ 4 ਹਥਿਆਰਬੰਦ ਨੌਜਵਾਨ ਲੁਟੇਰਿਆਂ ਨੇ ਬੈਂਕ ‘ਚ ਦਾਖਲ ਹੋ ਕੇ ਬੈਂਕ ਕਰਮਚਾਰੀਆਂ ਤੇ ਲੈਣ-ਦੇਣ ਕਰ ਰਹੇ ਗਾਹਕਾਂ ਨੂੰ ਡਰਾ-ਧਮਕਾ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਕਾਰ ‘ਚ ਸਵਾਰ ਹੋ ਕੇ ਫ਼ਰਾਰ ਹੋ ਗਏ।  ਵਾਰਦਾਤ ਸਮੇਂ ਬੈਂਕ ‘ਚ ਮੌਜੂਦ ਗਾਹਕ ਹਰਵਿੰਦਰ ਸਿੰਘ ਲੱਕੀ ਵਾਸੀ ਕੋਟਲਾ ਸਦਰ, ਮਨਦੀਪ ਸਿੰਘ ਲਕਸ਼ਰੀ ਨੰਗਲ, ਰਣਜੀਤ ਸਿੰਘ ਉਰਧਨ ਤੇ ਜਸਬੀਰ ਸਿੰਘ ਚੱਕ ਸਿਕੰਦਰ ਆਦਿ ਨੇ ਦੱਸਿਆ ਕਿ ਲੁਟੇਰਿਆਂ ਨੇ ਬੈਂਕ ਵਿਚ ਦਾਖਲ ਹੁੰਦਿਆਂ ਹੀ ਦਹਿਸ਼ਤ ਫੈਲਾਉਣ ਲਈ ਆਪਣੇ ਹੱਥ ‘ਚ ਫੜੇ ਪਿਸਤੌਲਾਂ ਦੇ ਬੱਟ ਤੇ ਮੁੱਕੇ ਮਾਰਨੇ ਉਨ੍ਹਾਂ ਦੇ ਸ਼ੁਰੂ ਕਰ ਦਿੱਤੇ ਤੇ ਅੰਦਰ ਮੌਜੂਦ ਸਾਰੇ ਲੋਕਾਂ ਦੇ ਹੱਥ ਉਪਰ ਕਰਵਾ ਕੇ ਇਕ ਪਾਸੇ ਇਕੱਠੇ ਕਰ ਲਿਆ। ਉਨ੍ਹਾਂ ਦੱਸਿਆ ਕਿ ਲੁਟੇਰੇ ਉਨ੍ਹਾਂ ਨੂੰ ਵਾਰ-ਵਾਰ ਇਹੋ ਕਹਿੰਦੇ ਰਹੇ ਕਿ ਜੇਕਰ ਕਿਸੇ ਨੇ ਕੋਈ ਹਿਲਜੁਲ ਕੀਤੀ ਜਾਂ ਕਿਸੇ ਨੂੰ ਟੈਲੀਫ਼ੋਨ ਕੀਤਾ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਅਨੁਸਾਰ 2 ਲੁਟੇਰਿਆਂ ਦੇ ਦੋਵਾਂ ਹੱਥਾਂ ਵਿਚ ਪਿਸਤੌਲ ਸਨ, ਜਦਕਿ ਦੋ ਕੋਲ ਇਕ-ਇਕ ਪਿਸਤੌਲ ਸੀ ਤੇ ਚਾਰੇ ਸਿਰੋਂ ਮੋਨੇ ਅਤੇ ਨੰਗੇ ਮੂੰਹ ਸਨ। 

ਘਟਨਾ ਸਥਾਨ ‘ਤੇ ਮੌਕੇ ਦਾ ਜਾਇਜ਼ਾ ਲੈਣ ਉਚੇਚੇ ਤੌਰ ‘ਤੇ ਪਹੁੰਚੇ ਆਈ. ਜੀ. ਬਾਰਡਰ ਰੇਂਜ ਈਸ਼ਵਰ ਚੰਦਰ, ਐੱਸ. ਐੱਸ. ਪੀ. ਦਿਹਾਤੀ ਜਸਦੀਪ ਸਿੰਘ ਆਦਿ ਨੇ ਦੱਸਿਆ ਕਿ ਲੁਟੇਰੇ ਬੈਂਕ ਕੈਸ਼ੀਅਰ ਸਦਭਵਨ ਠਾਕੁਰ ਤੋਂ ਹਥਿਆਰਾਂ ਦੀ ਨੋਕ ‘ਤੇ ਕੈਸ਼ ਵਾਲਾ ਟਰੰਕ ਲੁੱਟ ਕੇ ਲੈ ਗਏ ਹਨ, ਜਿਸ ਵਿਚ 21 ਲੱਖ 48 ਹਜ਼ਾਰ 207 ਰੁਪਏ ਸਨ। ਉਨ੍ਹਾਂ ਦੱਸਿਆ ਕਿ ਚਾਰੇ ਲੁਟੇਰਿਆਂ ਦੀ ਉਮਰ 25 ਸਾਲ ਦੇ ਕਰੀਬ ਹੈ ਤੇ ਉਨ੍ਹਾਂ ਨੇ 4 ਤੋਂ 5 ਮਿੰਟ ਵਿਚ ਹੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ, ਜਦਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ।
ਉਨ੍ਹਾਂ ਅਨੁਸਾਰ ਇਸ ਬੈਂਕ ਡਕੈਤੀ ਦੀ ਰਿਪੋਰਟ ਦਰਜ ਕਰਕੇ ਨਾਲ ਲੱਗਦੇ ਸਾਰੇ ਜ਼ਿਲਿਆਂ ਦੇ ਮੁੱਖ ਮਾਰਗਾਂ ‘ਤੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਪੁਲਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਲੁਟੇਰੇ ਪੁਲਸ ਦੀ ਪਕੜ ‘ਚ ਹੋਣਗੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।