ਪੰਜਾਬ ‘ਚ ਜੰਗਲ ਰਾਜ : ਬਾਜਵਾ

0
97

2014_7image_02_07_44049453602sngb3-llਪੰਚਾਇਤੀ ਜ਼ਮੀਨ ਦੇ ਵਿਵਾਦ ‘ਚ ਦਲਿਤਾਂ ਦਾ ਪੂਰਾ ਸਾਥ ਦੇਣ ਦਾ ਐਲਾਨ

ਭਵਾਨੀਗੜ੍ਹ, (ਕਾਂਸਲ, ਸੰਜੀਵ, ਅੱਤਰੀ) – ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ਰੇਆਮ ਗਰੀਬ ਅਤੇ ਦਲਿਤ ਵਰਗਾਂ ‘ਤੇ ਢਾਹੇ ਜਾ ਰਹੇ ਤਸ਼ੱਦਦ, ਵੱਧ ਰਹੀ ਗੁੰਡਾਗਰਦੀ, ਸਿਵਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਕਥਿਤ ਤੌਰ ‘ਤੇ ਹਰ ਵਰਗ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਮਨਮਰਜ਼ੀਆਂ ਤੋਂ ਸਾਫ ਹੋ ਜਾਂਦਾ ਹੈ ਕਿ ਪੰਜਾਬ ਵਿਚ ਕਾਨੂੰਨ ਦਾ ਨਹੀਂ ਜੰਗਲ ਰਾਜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਬਾਲਦ ਕਲਾਂ ਵਿਖੇ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਮੌਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣਨ ਤੋਂ ਬਾਅਦ ਸੰਘਰਸ਼ ਕਮੇਟੀ ਦੇ ਮੈਂਬਰਾਂ ‘ਤੇ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕੀਤਾ।
ਪ੍ਰਤਾਪ ਸਿੰਘ ਬਾਜਵਾ ਨਾਲ ਆਏ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ ਨੇ ਕਿਹਾ ਕਿ ਰਾਜ ਨਹੀਂ ਸੇਵਾ ਦੇ ਦਾਅਵੇ ਕਰਨ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਹੀ ਆਪਣੇ ਹੱਕ ਮੰਗਦੇ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਆਗੂਆਂ ਨੇ ਇਸ ਮੌਕੇ ਇਸ ਸੰਘਰਸ਼ ਵਿਚ ਦਲਿਤਾਂ ਦਾ ਪੂਰਾ ਸਾਥ ਦੇਣ ਦਾ ਐਲਾਨ ਕਰਦਿਆਂ ਮੰਗ ਕੀਤੀ ਕਿ ਜ਼ਮੀਨ ਦੀ ਬੋਲੀ ਰੱਦ ਕਰ ਕੇ ਦੁਬਾਰਾ ਪਿੰਡ ਵਿਚ ਖੁੱਲ੍ਹੀ ਜਨਤਕ ਜਗ੍ਹਾ ਵਿਚ ਕਰਵਾਈ ਜਾਵੇ ਤੇ ਪੁਲਸ ਵਲੋਂ ਕੀਤੇ ਲਾਠੀਚਾਰਜ ਦੀ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਪੁਲਸ ਵਲੋਂ ਦਰਜ ਕੀਤੇ ਝੂਠੇ ਮੁਕੱਦਮਿਆਂ ਨੂੰ ਤੁਰੰਤ ਖਾਰਜ ਕਰਕੇ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਅੱਜ ਅਫ਼ਸਰਸ਼ਾਹੀ ਦਾ ਰਾਜ ਹੈ ਅਤੇ ਦਲਿਤ ਅਤੇ ਗਰੀਬ ਵਰਗ ਦੇ ਨਾਲ-ਨਾਲ ਆਮ ਲੋਕਾਂ ਦੀ ਵੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਅਤੇ ਨਸ਼ਿਆਂ ਦੇ ਖਾਤਮੇ ਦੀ ਮੁਹਿੰਮ ਨੂੰ ਮਹਿਜ਼ ਇਕ ਡਰਾਮਾ ਕਰਾਰ ਦਿੱਤਾ। ਕੇਂਦਰ ਦੀ ਐੱਨ. ਡੀ. ਏ. ਸਰਕਾਰ ਬਾਰੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਹੁਣ ਦੇਸ਼ ਦੇ ਚੰਗੇ ਨਹੀਂ ਮਾੜੇ ਦਿਨ ਆ ਗਏ ਹਨ। ਕੇਂਦਰ ਸਰਕਾਰ ਵਲੋਂ ਖੰਡ, ਪਿਆਜ਼, ਗੈਸ ਸਿਲੰਡਰ ਅਤੇ ਹੋਰ ਘਰੇਲੂ ਵਸਤੂਆਂ ਦੇ ਰੇਟਾਂ ਵਿਚ ਕੀਤੇ ਜਾ ਰਹੇ ਅਥਾਹ ਵਾਧੇ ਕਾਰਨ ਦੇਸ਼ ਵਿਚ ਮਹਿੰਗਾਈ ਨੇ ਰਿਕਾਰਡਤੋੜ ਦਿੱਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜੋ ਲੋਕਾਂ ਨੂੰ ਵੱਡੀਆਂ-ਵੱਡੀਆਂ ਆਸਾਂ ਸਨ, ਉਹ ਚਕਨਾਚੂਰ ਹੋ ਗਈਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਈ ਰੂਪ ਕੌਰ ਬਾਗੜੀਆਂ ਜ਼ਿਲਾ ਪ੍ਰਧਾਨ, ਰਣਜੀਤ ਸਿੰਘ ਤੂਰ ਜ਼ਿਲਾ ਮੀਤ ਪ੍ਰਧਾਨ, ਵਰਿੰਦਰ ਪੰਨਵਾਂ ਬਲਾਕ ਪ੍ਰਧਾਨ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ, ਪ੍ਰਦੀਪ ਕੁਮਾਰ ਕੱਦ ਸੂਬਾ ਸਕੱਤਰ, ਡਾ. ਸੋਮ ਪ੍ਰਕਾਸ਼ ਸ਼ਰਮਾ ਮੀਡੀਆ ਇੰਚਾਰਜ, ਰਾਏ ਸਿੰਘ ਬਖਤੜੀ, ਰਾਂਝਾ ਸਿੰਘ ਖੇੜੀ ਚੰਦਵਾਂ ਸਾਬਕਾ ਬਲਾਕ ਯੂਥ ਪ੍ਰਧਾਨ, ਹਾਕਮ ਸਿੰਘ ਗੁਰਥੜੀ ਚੇਅਰਮੈਨ ਐੱਸ. ਸੀ. ਸੈੱਲ ਬਲਾਕ ਕਾਂਗਰਸ, ਜਗਤਾਰ ਸਿੰਘ ਬਰਾਜ, ਨਰਿੰਦਰ ਸਲਦੀ ਸਾਬਕਾ ਸਰਪੰਚ, ਹਰਮੇਸ਼ ਮੇਸ਼ੀ, ਜਗਸੀਰ ਸਿੰਘ ਸਾਬਕਾ ਸਰਪੰਚ, ਨਾਨਕ ਚੰਦ ਨਾਇਕ, ਦਰਸ਼ਨ ਸਿੰਘ ਕਾਲਾਝਾੜ, ਗੁਰਤੇਜ ਸਿੰਘ ਗੋਗੀ, ਕੁਲਵੰਤ ਸਿੰਘ ਮੋਹਾਲੀ ਚੇਅਰਮੈਨ ਜ਼ਿਲਾ ਕਾਂਗਰਸ ਕਮੇਟੀ ਸੰਗਰੂਰ (ਐੈੱਸ. ਸੀ. ਵਿਭਾਗ) ਸਣੇ ਕਈ ਕਾਂਗਰਸੀ ਆਗੂ ਅਤੇ ਪਿੰਡ ਬਾਲਦ ਕਲਾਂ ਦੀ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।