ਪੰਜਾਬ ਚੋਣ ਨਤੀਜਿਆਂ ਦੀ ਉਲਟੀ ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾਂ ਵਧੀਆਂ

0
127

2017_3image_06_54_07311000007chd610(sanjay_kurl)-llਪੰਜਾਬ ਵਿਧਾਨ ਸਭਾ 2017 ਲਈ 4 ਫਰਵਰੀ ਨੂੰ ਹੋਈਆਂ ਚੋਣਾਂ ਦੇ 11 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਵਿਚਕਾਰ ਸਿਰਫ 3 ਦਿਨ ਦਾ ਫਾਸਲਾ ਬਚਿਆ ਹੈ। ਹੁਣ ਇਨ੍ਹਾਂ ਚੋਣਾਂ ‘ਚ ਉਮੀਦਵਾਰਾਂ ਦੇ ਭਵਿੱਖ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। 117 ਹਲਕੇ 1145 ਉਮੀਦਵਾਰ, 52 ਪਾਰਟੀਆਂ ਦੇ ਚਲਦੇ ਹੋਏ ਦਿਲਚਸਪ ਤਿਕੋਣੇ ਮੁਕਾਬਲੇ ਕਾਰਨ ਆਉਣ ਵਾਲੇ ਨਤੀਜੇ ਸੂਬੇ ਦੇ ਭਵਿੱਖ ਲਈ ਕਾਫੀ ਅਹਿਮ ਮੰਨੇ ਜਾ ਰਹੇ ਹਨ। ਪੁਰਾਣੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਨਾਲ ਪਹਿਲੀ ਵਾਰ ਵਿਧਾਨ ਸਭਾ ਚੋਣਾਂ ‘ਚ ਮੁਕਾਬਲੇ ‘ਚ ਉਤਰੀ ਆਮ ਆਦਮੀ ਪਾਰਟੀ ਕਾਰਨ ਚੋਣ ਮੁਹਿੰਮ ‘ਚ ਸਥਿਤੀ ਕਾਫੀ ਰੌਚਕ ਰਹੀ, ਜਿਸ ਕਾਰਨ ਹੁਣ ਆਮ ਆਦਮੀ ਵੀ ਨਤੀਜਿਆਂ ਦੀ ਬੜੀ ਬੇਸਬਰੀ ਨਾਲ ਉਡੀਕ ‘ਚ ਹੈ।
ਪੰਜਾਬ ਸਕੱਤਰੇਤ ਚਮਕਾਉਣ ਦਾ ਕੰਮ ਜਾਰੀ
ਉਥੇ ਹੀ ਦੂਜੇ ਪਾਸੇ 11 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਦੇ ਬਾਅਦ ਬਣਨ ਵਾਲੀ ਨਵੀਂ ਸਰਕਾਰ ਦੇ ਸਵਾਗਤ ਦੀ ਤਿਆਰੀ ਵੀ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ‘ਚ ਸ਼ੁਰੂ ਹੋ ਚੁੱਕੀ ਹੈ। ਸਰਕਾਰ ਦੇ ਹੈੱਡਕੁਆਰਟਰ ਬਹੁ-ਮੰਜ਼ਿਲੀ ਸਕੱਤਰੇਤ ਦੀ ਸਾਫ-ਸਫਾਈ ਦਾ ਕੰਮ ਚਲ ਰਿਹਾ ਹੈ। ਪੂਰੀ ਤਰ੍ਹਾਂ ਸੀਮੈਂਟਿਡ ਉੱਚੀ ਬਿਲਡਿੰਗ ਵਿਸ਼ੇਸ਼ ਮਸ਼ੀਨਾਂ ਜ਼ਰੀਏ ਪਾਣੀ ਨਾਲ ਧੋ ਕੇ ਚਮਕਾਈ ਜਾ ਰਹੀ ਹੈ। ਸਕੱਤਰੇਤ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੰਤਰੀਆਂ ਦੇ ਕਮਰਿਆਂ ਤੇ ਨਵੇਂ ਸਟਾਫ ਦੀ ਵਿਵਸਥਾ ਦਰੁਸਤ ਕਰਨ ਲਈ ਹੋਮਵਰਕ ਸ਼ੁਰੂ ਕਰ ਦਿੱਤਾ ਹੈ।
ਨਵੇਂ ਮੁੱਖ ਮੰਤਰੀ ਤੇ ਮੰਤਰੀਆਂ ਦੇ ਨਾਲ ਤਾਇਨਾਤੀ ਲਈ ਜੁਗਾੜਬੰਦੀ ਸ਼ੁਰੂ
ਜ਼ਿਕਰਯੋਗ ਹੈ ਕਿ ਸਕੱਤਰੇਤ ਦੇ ਸਟਾਫ ਨੇ ਆਉਣ ਵਾਲੇ ਮੁੱਖ ਮੰਤਰੀ ਤੇ ਮੰਤਰੀਆਂ ਦੇ ਨਾਲ ਆਪਣੀ ਤਾਇਨਾਤੀ ਮਨਪਸੰਦ ਜਗ੍ਹਾ ‘ਤੇ ਕਰਵਾਉਣ ਦੇ ਵੀ ਉਚ ਅਧਿਕਾਰੀ ਤੱਕ ਪਹੁੰਚ ਕਰਕੇ ਜੁਗਾੜਬੰਦੀ ਸ਼ੁਰੂ ਕਰ ਦਿੱਤੀ ਹੈ। ਸੂਬਾ ਸਰਕਾਰ ਦੇ ਅਕਸ ਨੂੰ ਲੋਕਾਂ ‘ਚ ਚਮਕਾਉਣ ਵਾਲੇ ਸੂਚਨਾ ਤੇ ਜਨਸੰਪਰਕ ਵਿਭਾਗ ਨੇ ਵੀ ਆਪਣੇ ਰਿਕਾਰਡ ਨੂੰ ਅਪਡੇਟ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸੇ ਸਿਲਸਿਲੇ ‘ਚ ਸਰਕਾਰ ਤੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਤੋਂ ਵੀ ਨਵੀਆਂ ਸੈਲਰੀ ਸਲਿਪਾਂ ਦੇ ਇਲਾਵਾ ਉਨ੍ਹਾਂ ਦੀ ਨਿਯੁਕਤੀ ਆਦਿ ਦੇ ਬਾਰੇ ‘ਚ ਦਸਤਾਵੇਜ਼ ਮੰਗੇ ਜਾ ਰਹੇ ਹਨ।
ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਨੂੰ ਪੁਖਤਾ ਕਰ ਰਹੇ ਅਧਿਕਾਰੀ
ਇਸੇ ਦੌਰਾਨ ਵੱਖ-ਵੱਖ ਜ਼ਿਲਿਆਂ ‘ਚ ਵੋਟਾਂ ਦੀ ਗਿਣਤੀ ਤੇ ਪ੍ਰਬੰਧਾਂ ਨੂੰ ਵੀ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਵੋਟਾਂ ਦੀ ਗਿਣਤੀ ਦੇ ਕੇਂਦਰਾਂ ‘ਚ ਟੇਬਲ, ਕੁਰਸੀਆਂ ਤੇ ਹੋਰ ਸਾਜ਼ੋ-ਸਾਮਾਨ ਦਾ ਉਚਿਤ ਪ੍ਰਬੰਧ ਕਰਨ ਦੇ ਨਾਲ-ਨਾਲ ਇਨ੍ਹਾਂ ਕੇਂਦਰਾਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਲਈ ਬੈਰੀਕੇਡਿੰਗ ਲਈ ਵੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਚੋਣ ਕਮਿਸ਼ਨ ਨੇ ਸਾਰੇ ਵੋਟਾਂ ਦੀ ਗਿਣਤੀ ਦੇ ਕੇਂਦਰਾਂ ‘ਤੇ ਸਖਤ ਸੁਰੱਖਿਆ ਕਰਨ ਦੇ ਸੂਬੇ ਦੇ ਚੋਣ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ।
ਉਮੀਦਵਾਰਾਂ ਲਈ ਬਾਕੀ 3 ਦਿਨ ਕੱਢੇ ਹੋਏ ਮੁਸ਼ਕਲ
ਉਥੇ ਹੀ ਆਰਾਮ ਕਰਨ ਤੋਂ ਬਾਅਦ ਉਮੀਦਵਾਰ ਵੀ ਆਪਣੇ ਹਲਕਿਆਂ ‘ਚ ਪਹੁੰਚ ਚੁੱਕੇ ਹਨ। ਸਾਰੇ ਉਮੀਦਵਾਰਾਂ ਦੀਆਂ ਧੜਕਣਾਂ ਵੱਧ ਚੁੱਕੀਆਂ ਹਨ ਅਤੇ ਉਨ੍ਹਾਂ ਲਈ ਹੁਣ ਬਚੇ 3 ਦਿਨ ਵੀ ਕੱਢਣੇ ਬਹੁਤ ਮੁਸ਼ਕਲ ਹੋ ਰਹੇ ਹਨ। ਸੰਗਰੂਰ ਤੇ ਬਠਿੰਡਾ ਵਰਗੇ ਜ਼ਿਲਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਜਿੱਤ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਕਈ ਉਮੀਦਵਾਰਾਂ ਨੇ ਤਾਂ ਹੁਣ ਤੋਂ ਲੱਡੂਆਂ ਦੇ ਆਰਡਰ ਦੇਣ ਦੇ ਇਲਾਵਾ ਢੋਲ ਆਦਿ ਦੀ ਬੁਕਿੰਗ ਵੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਨਤੀਜੇ ਦਾ ਦਿਨ ਨੇੜੇ ਆਉਂਦੇ ਹੀ ਲੋਕਾਂ ‘ਚ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਲੱਖਾਂ ਰੁਪਏ ਦੀਆਂ ਸ਼ਰਤਾਂ ਲਾਉਣ ਦਾ ਸਿਲਸਿਲਾ ਵੀ ਚਲ ਰਿਹਾ ਹੈ ਅਤੇ ਅਸਲੀ ਨਤੀਜਿਆਂ ਤੋਂ ਪਹਿਲਾਂ 9 ਮਾਰਚ ਦੀ ਸ਼ਾਮ ਟੀ. ਵੀ. ਚੈਨਲਾਂ ‘ਤੇ ਸ਼ੁਰੂ ਹੋਣ ਵਾਲੇ ਐਗਜ਼ਿਟ ਪੋਲ ਦੀ ਵੀ ਉਡੀਕ ਕੀਤੀ ਜਾ ਰਹੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।