ਨਵੇਂ ਸਾਲ ਦੀ ਰਾਤ ਨੂੰ 4 ਘਰਾਂ ਦੇ ਚਿਰਾਗ ਬੁਝੇ

0
101

Defaultਪਟਿਆਲਾ, (ਬਲਜਿੰਦਰ)-ਨਵੇਂ ਸਾਲ ਦੀ ਰਾਤ ਜਿੱਥੇ ਪੂਰਾ ਪਟਿਆਲਾ ਨਵੇਂ ਸਾਲ ਦੀ ਆਮਦ ‘ਤੇ ਜਸ਼ਨ ਵਿਚ ਡੁੱਬਿਆ ਹੋਇਆ ਸੀ, ਉਥੇ ਤਿੰਨ ਵੱਖ-ਵੱਖ ਹਾਦਸਿਆਂ ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਨਵੇਂ ਸਾਲ ਦੀ ਆਮਦ ‘ਤੇ ਚਾਰ ਘਰਾਂ ਦੇ ਚਿਰਾਗ ਬੁਝ ਗਏ। 

ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਤਕਰੀਬਨ 11.00 ਵਜੇ ਸ਼ਹਿਰ ਦੀ ਲੱਕੜ ਮੰਡੀ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਹਰਿੰਦਰ ਵਰਮਾ (23) ਨਾਮਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ‘ਤੇ ਮੌਤ ਹੋ ਗਈ। ਹਰਿੰਦਰ ਵਰਮਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਹਰਿੰਦਰ ਵਰਮਾ ਡੈਲ ਕੰਪਨੀ ਵਿਚ ਕੰਮ ਕਰਦਾ ਸੀ।
ਇਸੇ ਤਰ੍ਹਾਂ ਦੂਜਾ ਸੜਕ ਹਾਦਸਾ ਰਾਤ 11.30 ਵਜੇ ਅਰਬਨ ਅਸਟੇਟ ਵਿਖੇ ਵਾਪਰਿਆ, ਜਿਥੇ ਦੋ ਨੌਜਵਾਨ ਬੁਲੇਟ ਮੋਟਰਸਾਈਕਲ ‘ਤੇ ਜਾ ਰਹੇ ਸਨ ਅਤੇ ਬੈਲੇਂਸ ਵਿਗੜਨ ਕਾਰਨ ਤਿਲਕ ਗਏ ਅਤੇ ਦੋਵਾਂ ਵਿਚੋਂ ਇਕ ਦੀ ਮੌਕੇ ‘ਤੇ ਅਤੇ ਦੂਜੇ ਦੀ ਹਸਪਤਾਲ ਵਿਖੇ ਜਾ ਕੇ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਰਜੀਤ ਸਿੰਘ ਵਾਸੀ ਸੰਗਰੂਰ ਅਤੇ ਮਨਜੀਤ ਸਿੰਘ ਵਾਸੀ ਧੂਰੀ ਵਜੋਂ ਹੋਈ। ਦੋਨੋਂ ਇਸ ਸਮੇਂ ਅਰਬਨ ਅਸਟੇਟ ਵਿਖੇ ਪੀ. ਜੀ. ‘ਚ ਰਹਿ ਰਹੇ ਸਨ।
ਤੀਸਰਾ ਹਾਦਸਾ ਅੱਜ ਸਵੇਰੇ ਅਰਬਨ ਅਸਟੇਟ ਵਿਖੇ ਹੀ ਵਾਪਰਿਆ, ਜਿਸ ਵਿਚ 19 ਸਾਲਾ ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ। ਜ਼ਸਨਪ੍ਰੀਤ ਕਿਸੇ ਨੂੰ ਛੱਡ ਕੇ ਵਾਪਸ ਘਰ ਆ ਰਿਹਾ ਸੀ ਅਤੇ ਅਰਬਨ ਅਸਟੇਟ ਵਿਖੇ ਪਜੈਰੋ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਸ਼ਨਪ੍ਰੀਤ ਇਸ ਸਮੇਂ ਆਈਲੈਟਸ ਕਰ ਰਿਹਾ ਸੀ। ਪੁਲਸ ਵਲੋਂ ਤਿੰਨਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਖੂਨੀ ਹੋਈਆਂ ਪਟਿਆਲਾ ਦੀਆਂ ਸੜਕਾਂ
ਜਿਸ ਤਰ੍ਹਾਂ ਨਾਲ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ, ਉਸਨੂੰ ਦੇਖ ਕੇ ਲਗਦਾ ਹੈ, ਜਿਵੇਂ ਪਟਿਆਲਾ ਦੀਆਂ ਸੜਕਾਂ ਖੂਨੀ ਹੋ ਗਈਆਂ ਹਨ। ਇਸ ਸਾਲ ਦੇ ਸਤੰਬਰ ਮਹੀਨੇ ਤੱਕ ਉਪਲੱਬਧ ਅੰਕੜਿਆਂ ਦੀ ਗੱਲ ਜੇਕਰ ਕਰੀ ਜਾਵੇ ਤਾਂ ਰੋਜ਼ਾਨਾ ਸੜਕ ਹਾਦਸੇ ਵਿਚ 1 ਮੌਤ ਹੋ ਰਹੀ ਹੈ, ਜਦੋਂਕਿ ਦੋ ਤੋਂ ਜ਼ਿਆਦਾ ਜ਼ਖਮੀ ਹੋ ਰਹੇ ਹਨ। ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਦੋ ਸੜਕ ਹਾਦਸੇ ਹੋ ਰਹੇ ਹਨ। ਇਹ ਗੱਲ ਸਿਰਫ ਸਰਕਾਰੀ ਰਿਕਾਰਡ ਦੀ ਹੈ। ਜੇਕਰ ਇਸ ਤੋਂ ਹਟ ਕੇ ਦੇਖਿਆ ਜਾਵੇ ਤਾਂ ਜ਼ਖਮੀ ਅਤੇ ਵਾਹਨਾਂ ਦੇ ਨੁਕਸਾਨੇ ਜਾਣ ਦੀਆਂ ਘਟਨਾਵਾ ਕਿਤੇ ਜ਼ਿਆਦਾ ਮਿਲਣਗੀਆਂ। ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਦਸੰਬਰ ਮਹੀਨੇ ‘ਚ ਹੀ ਦੋ ਦਰਜਨ ਤੋਂ ਵੀ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਸੜਕ ਹਾਦਸਿਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਵਧਦੀ ਜਾ ਰਹੀ ਹੈ। ਇਸਦੇ ਪਿੱਛੇ ਕਾਰਨ ਟਰੈਫਿਕ ਦਾ ਵਧਣਾ ਅਤੇ ਟਰੈਫਿਕ ਨਿਯਮਾਂ ਦੀ ਸਖਤੀ ਨਾ ਹੋਣਾ ਹੈ। ਦੂਜਾ ਤੇਜ਼ ਰਫਤਾਰ ਵਾਹਨਾ ‘ਤੇ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਨਜ਼ਰ ਨਹੀਂ ਆ ਰਿਹਾ। ਪਟਿਆਲਾ ਜ਼ਿਲੇ ਵਿਚ ਹੀ ਸੜਕ ਹਾਦਸਿਆਂ ਦੀ ਗਿਣਤੀ ਹਰ ਸਾਲ ਵਧਦੀ ਹੀ ਜਾ ਰਹੀ ਹੈ। ਸਾਲ 2011 ਵਿਚ ਜਿੱਥੇ 493 ਸੜਕ ਹਾਦਸੇ ਹੋਏ ਸਨ, ਉਥੇ 2012 ਵਿਚ 572 ਹਾਦਸੇ ਹੋਏ। ਜਦੋਂਕਿ ਸਾਲ 2013 ਵਿਚ 640 ਸੜਕ ਹਾਦਸੇ ਹੋਏ। ਸਾਲ 2014 ਵਿਚ ਸਤੰਬਰ ਮਹੀਨੇ ਤੱਕ 424 ਸੜਕ ਹਾਦਸੇ ਹੋਏ। ਜਿਸ ਤੋਂ ਸਾਫ ਹੈ ਹਰ ਸਾਲ ਸੜਕ ਹਾਦਸਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।