ਜਦੋਂ ਕੈਨੇਡਾ ਤੋਂ ਆਈ ਪੰਜਾਬਣ ਨੇ ਐੱਸ. ਐੱਸ. ਪੀ. ਦਫ਼ਤਰ ”ਚ ਕੀਤਾ ਹੰਗਾਮਾ

0
108

2016_2image_04_07_04907041427kha_shetra-03-ll

ਜਗਰਾਓਂ(ਜਸਬੀਰ ਸ਼ੇਤਰਾ)-ਸ਼ਾਮ ਵੇਲੇ ਇਥੇ ਪੁਲਸ ਲਾਈਨ ਸਥਿਤ ਐੱਸ. ਐੱਸ. ਪੀ. ਦਫ਼ਤਰ ਅੱਗੇ ਕੈਨੇਡਾ ਤੋਂ ਆਈ ਇਕ ਐੱਨ. ਆਰ. ਆਈ. ਮੁਟਿਆਰ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਉਹ ਆਪਣੇ ਹੀ ਪਤੀ ਖ਼ਿਲਾਫ਼ ਧੋਖਾਦੇਹੀ ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੀ ਸੀ। ਉਸ ਦਾ ਕਹਿਣਾ ਸੀ ਕਿ ਉਸ ਦੇ ਪਤੀ ਨੇ ਪਹਿਲਾਂ ਕੈਨੇਡਾ ਵਿਚ ਉਸ ਤੋਂ ਤਲਾਕ ਲੈ ਲਿਆ ਤੇ ਇਥੇ ਆ ਕੇ ਦੂਜਾ ਵਿਆਹ ਕਰਵਾ ਲਿਆ। ਪੰਜਾਬੀ ਮੂਲ ਦੀ ਇਹ ਕੈਨੇਡੀਅਨ ਮੁਟਿਆਰ ਏਨੀ ਜਜ਼ਬਾਤੀ ਹੋ ਗਈ ਕਿ ਆਪਣੀ ਮੰਗ ਮੰਨਵਾਉਣ ਲਈ ਆਦਮਹੱਤਿਆ ਕਰਨ ਦੀ ਧਮਕੀ ਵੀ ਦੇਣ ਲੱਗੀ। ਪੁਲਸ ਜ਼ਿਲਾ ਦਿਹਾਤੀ ਦੇ ਸੀਨੀਅਰ ਪੁਲਸ ਕਪਤਾਨ ਰਵਚਰਨ ਸਿੰਘ ਬਰਾੜ ਨੇ ਆਪਣੇ ਦਫ਼ਤਰ ਅੰਦਰ ਸੱਦ ਕੇ ਐੱਨ. ਆਈ. ਆਰ. ਮੁਟਿਆਰ ਦੀ ਵਿਥਿਆ ਸੁਣਨ ਉਪਰੰਤ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਉਸ ਨੂੰ ਸ਼ਾਂਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਨੇ ਕਿਹਾ ਕਿ ਲੜਕੀ ਬਹੁਤ ਜਜ਼ਬਾਤੀ ਸੀ ਤੇ ਸਦਮੇ ਵਿਚ ਹੋਣ ਕਾਰਨ ਰੋਸ ਪ੍ਰਗਟਾ ਰਹੀ ਸੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਇਲਾਕੇ ਤੋਂ ਆਈ ਨਵਨੀਤ (ਕਾਲਪਨਿਕ ਨਾਂ) ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਉਹ ਆਪਣੇ ਹੀ ਪਤੀ ‘ਤੇ ਮਰਜ਼ੀ ਦੇ ਉਲਟ ਉਸ ਨਾਲ ਜ਼ਬਰਦਸਤੀ ਦੇ ਦੋਸ਼ ਲਾ ਰਹੀ ਸੀ। ਉਸ ਦਾ ਕਹਿਣਾ ਸੀ ਕਿ ਜਗਰਾਓਂ ਨੇੜਲੇ ਇਕ ਪਿੰਡ ਦਾ ਰਹਿਣ ਵਾਲਾ ਉਸ ਦਾ ਪਤੀ ਬੀ. ਸੀ. ਤੋਂ ਧੋਖੇ ਨਾਲ ਤਲਾਕ ਲੈ ਕੇ ਇਥੇ ਆਇਆ ਤੇ ਇਥੇ ਆ ਕੇ ਦੂਜਾ ਵਿਆਹ ਕਰਵਾ ਲਿਆ। ਇਸ ਦੌਰਾਨ ਉਸ ਨੇ ਸ਼ਿਕਾਇਤਕਰਤਾ ਨਾਲ ਵੀ ਕਈ ਵਾਰ ਸਰੀਰਕ ਸਬੰਧ ਬਣਾਏ ਜਿਸ ਬਦਲੇ ਲੜਕੀ ਹੁਣ ਧੋਖਾਦੇਹੀ ਦੇ ਨਾਲ-ਨਾਲ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੀ ਸੀ। ਐੱਸ. ਐੱਸ. ਪੀ. ਬਰਾੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲ ਹੀ ਵਿਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਲੰਘੀ 12 ਫਰਵਰੀ ਨੂੰ ਹੀ ਇਸ ਸਬੰਧੀ ਵਿਚ ਧਾਰਾ 494 ਤਹਿਤ ਪੁਲਸ ਨੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਇਸ ਲੜਕੀ ਨੇ ਐੱਨ. ਆਰ. ਆਈ. ਕਮਿਸ਼ਨ ਕੋਲ ਵੀ ਪਟੀਸ਼ਨ ਪਾਈ ਹੋਈ ਹੈ, ਜਿਸ ਦਾ ਫ਼ੈਸਲਾ ਆਉਣਾ ਹਾਲੇ ਬਾਕੀ ਹੈ। ਇਸ ਤੋਂ ਇਲਾਵਾ ਡੀ. ਆਈ. ਜੀ. ਨੂੰ ਜਾਂਚ ਲਈ ਦਿੱਤੀ ਉਸ ਦੀ ਸ਼ਿਕਾਇਤ ਵੀ ਹਾਲੇ ਪੈਂਡਿੰਗ ਹੈ। ਉਨ੍ਹਾਂ ਦੱਸਿਆ ਕਿ ਲੋੜੋਂ ਵੱਧ ਜਜ਼ਬਾਤੀ ਹੋਣ ਕਰਕੇ ਲੜਕੀ ਨੇ ਦਫ਼ਤਰ ਵਿਚ ਅਜਿਹਾ ਕੀਤਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਦੇ ਹੁਕਮ ਦੇ ਦਿੱਤੇ ਹਨ ਤੇ ਜੋ ਵੀ ਸੱਚਾਈ ਸਾਹਮਣੇ ਆਵੇਗੀ ਉਸੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।