ਜਦੋਂ ਕੁੜੀਆਂ ਮੈਨੂੰ ਛੇੜਦੀਆਂ ਸਨ

0
242

ਦੋਸਤੋਂ ਮੈਂ ਆਪਣੀ ਹੱਡਬੀਤੀ ਦੱਸਦਾ ਹਨ ਜਦੋਂ ਕੁਝ ਵਰ੍ਹੇ ਪਹਿਲਾਂ ਆਪਣੇ ਘਰੋਂ ਤਿਆਰ ਹੋਕੇ ਕਾਲਜ ਜਾਂਦਾ ਤਾਂ ਰਸਤੇ ‘ਚ ਪੰਦਰਾਂ-ਪੰਦਰਾਂ ਕੁੜੀਆਂ ਦਾ ਗਰੁੱਪ ਮੈਨੂੰ ਘੇਰ ਲੈਂਦਾ । ਪਹਿਲਾ ਕੁੜੀ ਨੇ ਮੇਰੇ ਤੇ ਕੁਮੇਂਟ ਕੱਸਦੇ ਕਹਿਣਾ “ਹਾਏ ਨੀ ਕਿੰਨਾ ਸੋਹਨਾ ਬਿਲਕੁਲ ਚੰਨ ਦਾ ਟੁਕੜਾ ਏ..!”
ਦੂਜੀ ਨੇ ਬੋਲਨਾ “ਇਹਦੇ ਬੁੱਲ ਦੇਖੋ ਬਿਲਕੁਲ ਸਾਹਰੁਖ ਖਾਨ ਵਰਗੇ ਆ… ਮੈਂ ਮਰ ਜਾ ਇਹਦਾ ਲੱਕ ਸਲਮਾਨ ਖਾਨ ਵਰਗਾ ਹੈ…!” ਤੀਜੀ ਕੁੜੀ ਨੇ ਕਹਿਣਾ । ਚੋਥੀ ਕੁੜੀ ਨੇ ਕਹਿਣਾ “ਦੇਖੋ ਨੀ ਸੰਨੀ ਦਿਉਲ ਵਾਂਗ ਸੰਗਦਾ ਵੀ ਬਹੁਤ ਹੈ ਕੁਝ ਬੋਲਦਾ ਵੀ ਨਹੀਂ” ਇਸ ਤਰ੍ਹਾਂ ਸਾਰੀਆਂ ਕੁੜੀਆਂ ਨੇ ਮੇਰੇ ਤੇ ਵਿਅੰਗ ਕੱਸਨੋ ਉਦੋ ਤੱਕ ਨਹੀਂ ਹਟਦੀਆਂ ਸੀ ਜਦੋਂ ਤੱਕ ਮੈਂ ਕਾਲਜ ਦੇ ਗੇਟ ਅੰਦਰ ਨਹੀਂ ਚਲਾ ਜਾਂਦਾ । ਕਦੇ ਕਦੇ ਮੈਂ ਉਹਨਾਂ ਤੋਂ ਅੱਕਿਆਂ ਹੋਇਆ ਕਹਿ ਦਿੰਦਾ “ਘਰੇ ਪਿਓ ਜਾਂ ਭਰਾ ਨਹੀਂ ਹੈ ਉਹਨਾਂ ਨੂੰ ਛੇੜ ਲਉ ।”
ਇੱਕ ਦਿਨ ਸ਼ਾਮ ਨੂੰ ਮੈਨੂੰ ਟਿਊਸ਼ਨ ਪੜਦੇ ਨੂੰ ਹਨੇਰਾ ਹੋ ਗਿਆ ਮੈਂ ਮਲੋਟ ਦੇ ‘ਮੀਨਾ ਬਾਜ਼ਾਰ’ ‘ਚ ਲੰਘ ਰਿਹਾ ਸੀ ਚਾਰ ਕੁੜੀਆਂ ਜੋ ਕਾਰ ਵਿਚ ਸਵਾਰ ਸਨ ਜਿਹਨਾਂ ਦੇ ਹੱਥਾਂ ਵਿਚ ਬੀਅਰ ਵਾਲੀਆਂ ਬੋਤਲਾਂ ਸਨ ਉਹਨਾਂ ਨੇ ਮੈਨੂੰ ਘੇਰ ਲਿਆ । ਮੇਰੀ ਕਿਸਮਤ ਚੰਗੀ ਸੀ ਕੀ ਮੇਰਾ ਦੋਸਤ ਗੋਬਿੰਦ ਹੰਸ ਮਿਲ ਗਿਆ ਤੇ ਉਹ ਰਾਤ ਨੂੰ ਮੈਨੂ ਘਰੇ ਛੱਡ ਕੇ ਆਇਆ, ਨਹੀਂ ਤਾਂ ਕੁੜੀਆਂ ਨੇ ਮੇਰੀ ਇਜ਼ਤ ‘ਤਾਰ-ਤਾਰ’ ਕਰ ਦੇਣੀ ਸੀ । ਪੜਾਈ ‘ਚ ਜਿਥੇ ਮੇਰੇ 90% ਨੰਬਰ ਆਉਂਦੇ ਸਨ 70% ਨੰਬਰ ਆਉਣ ਲੱਗ ਪਏ ।
ਇੱਕ ਦਿਨ ਮੈਂ ਆਪਣੀ ਸਮੱਸਿਆ ਆਪਣੇ ਨਾਲ ਪੜਨ ਵਾਲੇ ਦੋਸਤਾਂ ਐਡਵੋਕੇਟ ਉੱਪਲ ਤੇ ਜਗਜੀਤ ਸਿੰਘ ਜੋਨੀ ਨੂੰ ਦੱਸੀ ਉਹ ਕਹਿੰਦੇ “ਯਾਰ ਸਰਬਜੋਤ ਆਪਾਂ ਇਕੀਵੀਂ ਸਦੀ ‘ਚ ਜਾ ਰਹੇ ਹਾਂ । ਕੋਈ ਖਾਸ ਗੱਲ ਨਹੀਂ, ਤੂੰ ਇਹਨਾਂ ਕੁੜੀਆਂ ਨਾਲ ਫ੍ਰੇਂਡਸ਼ਿਪ ਕਰ ਲੈ ।”
ਮੈਂ ਕਿਹਾ “ਨਾ ਬਾਬਾ ਨਾ ਮੈਂ ਨਹੀਂ ਕਰਦਾ ਫ੍ਰੇਂਡਸ਼ਿਪ ਮੈਂ ਪਿੰਡ ਨਾਲ ਸਬੰਧ ਰੱਖਦਾ ਹਾਂ ਸਾਡੇ ਪਿੰਡ ਤਾਂ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ ਹਨ ਆਪਣੇ ਬਾਪੂ ਦੀ ਚਿੱਟੀ ਪੱਗ ਨੂੰ ਦਾਗ ਨਹੀਂ ਲਾਉਣਾ ਚਾਹੁੰਦਾ । ਜੇ ਐਸੀ ਕੋਈ ਗੱਲ ਹੋ ਗਈ ਮੇਰਾ ਬਾਪ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ।”
ਅਖੀਰ ‘ਚ ਜਦੋਂ ਕੋਈ ਹੱਲ ਨਹੀਂ ਹੋਇਆ ਮੈਂ ਸੰਗਦੇ ਸੰਗਦੇ ਨੇ ਸਾਰੀਆਂ ਗੱਲਾਂ ਘਰ ਆਪਣੇ ਬਾਪੂ ਜੀ ਨੂੰ ਦੱਸ ਦਿੱਤੀਆਂ । ਘਰ ਵਾਲਿਆਂ ਨੇ ਆਪਣੀ ਇੱਜ਼ਤ ਨੂੰ ਮੁਖ ਰੱਖਦੇ ਮੈਨੂੰ ਕਾਲਜ ਤੋਂ ਹਟਾਉਣ ਦਾ ਫੈਸਲਾ ਲਿਆ । ਗਰੈਜੂਏਸ਼ਨ ਕਲੀਅਰ ਕਰਨ ‘ਚ ਛੇ ਮਹੀਨੇ ਰਹਿ ਗਏ ਸਨ ਰਿਸ਼ਤੇਦਾਰਾਂ ਦੇ ਦਬਾਅ ਪਉਣ ਤੇ ਮੇਰੀ ਪੜਾਈ ਉਹਨਾਂ ਜਾਰੀ ਰੱਖੀ ਤੇ ਉਹਨਾਂ ਨੇ ਮੈਨੂ ਕਾਲਜ ਜਾਣ ਲਈ ਬੁਲਟ ਮੋਟਰਸਾਈਕਲ ਲੈ ਦਿੱਤਾ । ਮੈਂ ਵੀ ਰੱਬ ਦਾ ਸ਼ੁਕਰ ਅਦਾ ਕੀਤਾ ਕਿ ਕੁੜੀਆਂ ਤੋਂ ਛੁੱਟਕਾਰਾ ਮਿਲ ਜਾਵੇਗਾ । ਪਰ ਤੀਜੇ ਦਿਨ ਹੀ ਉਹਨਾਂ ਕੁੜੀਆਂ ਨੇ ਮੇਰੇ ਬੁਲਟ ਮਗਰ ਐਕਟੀਵਾ ਲਾਉਣੀ ਸ਼ੁਰੂ ਕਰ ਦਿੱਤੀ । ਮੈਂ ਬੜੀ ਮੁਸ਼ਕਿਲ ਨਾਲ ਗਰੈਜੂਏਸ਼ਨ ਕੀਤੀ । ਪੋਸਟ ਗਰੈਜੂਏਸ਼ਨ ਕਰਨ ਲਈ ਨੇੜਲੇ ਸ਼ਹਿਰ ਮੁਕਤਸਰ, ਅਬੋਹਰ ਜਾਂ ਬਠਿੰਡੇ ਜਾਣਾ ਪੈਂਦਾ ਸੀ ਘਰ ਦਿਆ ਨੇ ਇੱਜ਼ਤ ਦੇ ਡਰ ਦੇ ਮਾਰੇ ਮੈਨੂੰ ਬਾਹਰ ਨਹੀਂ ਜਾਣ ਦਿੱਤਾ । ਫਿਰ ਮੈਂ ਚੰਡੀਗੜ ਪੜਨ ਦੀ ਜਿੱਦ ਕੀਤੀ ਬਾਪੂ ਜੀ ਕਹਿੰਦੇ “ਪੁੱਤਰਾਂ ਚੰਡੀਗੜ ਦੀਆਂ ਕੁੜੀਆਂ ਤਾਂ ਅੱਤ ਹੈ ਆਪਣੇ ਚਾਰ ਕਿੱਲੇ ਜਮੀਨ ਵਿਕਾ ਦੇਣਗੀਆ ਤੂੰ ਚੁੱਪ ਕਰਕੇ ਖੇਤੀਬਾੜੀ ਦਾ ਕੰਮ ਕਰ ਤੇ ਅੱਖਾਂ ਸਾਹਮਣੇ ਵੀ ਰਹੇਗਾ ।” ਸੋ ਦੋਸਤੋਂ ਇਸ ਤਰ੍ਹਾਂ ਇਹਨਾਂ ਕੁੜੀਆਂ ਨੇ ਮੇਰੀ ਪੜਾਈ ਦਾ ਕੈਰੀਅਰ ਤਬਾਹ ਕੀਤਾ ।

[highlight]– ਸਰਬਜੋਤ ਸਿੱਧੂ 
ਪਿੰਡ ਬੁਰਜ ਸਿੱਧਵਾਂ, ਤਹਿਸੀਲ ਮਲੋਟ,
ਜਿਲ੍ਹਾ : ਸ਼੍ਰੀ ਮੁਕਤਸਰ ਸਾਹਿਬ 
ਮੋਬਾਇਲ : 98557-39300 
ਈ-ਮੇਲ : mr.sarbjotsidhu@gmail.com[/highlight]

ਨੇ ਆਪਣੀ ਗੱਲ ਸ਼ੇਅਰ ਕੀਤੀ ।