ਚੋਣ ਨਤੀਜੇ ਤੈਅ ਕਰਨਗੇ 48 ਸਿੱਖ ਆਗੂਆਂ ਦਾ ਕਰੀਅਰ

0
156

defaultਬਠਿੰਡਾ – ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਮੰਗਣੀਆਂ ਪੰਜਾਬ ਦੇ ਵੱਡੀ ਗਿਣਤੀ ‘ਚ ਲੀਡਰਾਂ ਲਈ ਕਾਫੀ ਭਾਰੀ ਪੈ ਸਕਦੀਆਂ ਹਨ ਕਿਉਂਕਿ ਵਿਰੋਧੀ ਧਿਰਾਂ ਨੇ ਇਹ ਮਸਲਾ ਵੱਡੇ ਪੱਧਰ ‘ਤੇ ਭਖਾ ਲਿਆ ਹੈ, ਜਿਨ੍ਹਾਂ ਦਾ ਤਰਕ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਦਾ ਸਮਾਜਿਕ ਬਾਈਕਾਟ ਕਰਨ ਦੇ ਹੁਕਮ ਸਨ ਤਾਂ ਸਿੱਖ ਲੀਡਰ ਵੋਟਾਂ ਖਾਤਰ ਡੇਰਾ ਸਿਰਸਾ ਜਾਂ ਡੇਰਾ ਪ੍ਰੇਮੀਆਂ ਦੇ ਦਰਵਾਜ਼ੇ ‘ਤੇ ਕਿਉਂ ਗਏ। ਜ਼ਿਕਰਯੋਗ ਹੈ ਕਿ ਭਾਵੇਂ ਸਿਆਸੀ ਧਿਰਾਂ ਖੁਦ ਨੂੰ ਧਰਮ ਨਿਰਪੱਖ ਕਰਾਰ ਦਿੰਦੀਆਂ ਹਨ ਪਰ ਪੰਜਾਬ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਤੋਂ ਹੀ ਸਿਆਸੀ ਪਾਰਟੀਆਂ ਲਈ ਸਿਆਸਤ ਦਾ ਧੁਰਾ ਰਹੀ ਹੈ, ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੋਣ ਦਾ ਲਾਹਾ ਲਿਆ ਹੈ, ਜਦਕਿ ਕਾਂਗਰਸ ਵੀ ਅੰਦਰਖਾਤੇ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਦਾ ਸਾਥ ਦਿੰਦੀ ਰਹੀ ਹੈ। ਹੁਣ ਇਸੇ ਦੌੜ ‘ਚ ਆਮ ਆਦਮੀ ਪਾਰਟੀ ਵੀ ਆ ਗਈ ਹੈ।   ਬੀਤੀ 4 ਫਰਵਰੀ ਨੂੰ ਪੰਜਾਬ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ‘ਆਪ’ ਨੇ ਡੇਰਿਆਂ ਦੇ ਵੋਟ ਬੈਂਕ ਦਾ ਸਹਾਰਾ ਵੀ ਲਿਆ, ਜਿਨ੍ਹਾਂ ‘ਚ ਡੇਰਾ ਸੱਚਾ ਸੌਦਾ ਸਿਰਸਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੈ ਕਿਉਂਕਿ ਇਸ ਡੇਰੇ ਦਾ ਪ੍ਰਭਾਵ ਪੰਜਾਬ ਅੰਦਰ ਕਾਫੀ ਜ਼ਿਆਦਾ ਹੈ। ਚੋਣ ਪ੍ਰਚਾਰ ਦੇ ਕਾਰਨ ਪੰਜਾਬ ਦੇ ਵੱਡੀ ਗਿਣਤੀ ‘ਚ ਲੀਡਰ ਡੇਰਾ ਸਿਰਸਾ ਵਿਖੇ ਸਹਿਯੋਗ ਮੰਗਣ ਲਈ ਪਹੁੰਚੇ, ਜਿਨ੍ਹਾਂ ‘ਚ ਕਰੀਬ ਚਾਰ ਦਰਜਨ ਸਿੱਖ ਲੀਡਰ ਸਨ, ਜਿਨ੍ਹਾਂ ‘ਚ ਜ਼ਿਆਦਾਤਰ ਲੀਡਰ ਅਕਾਲੀ ਦਲ ਤੇ ਕਾਂਗਰਸ ਦੇ ਹਨ, ਜਦਕਿ ‘ਆਪ’ ਦੇ ਲੀਡਰ ਵੀ ਪਿਛਾਂਹ ਨਹੀਂ ਰਹੇ। ਹੋਰ ਤਾਂ ਹੋਰ ਭਾਜਪਾ ਦੀ ਮਦਦ ਨਾਲ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਨੇ ਤਾਂ ਪੂਰੇ ਪੰਜਾਬ ਅੰਦਰ ਹੀ ਸਹਿਯੋਗ ਖਾਤਰ ਹੰਭਲਾ ਮਾਰ ਲਿਆ, ਜਿਸ ‘ਚ ਉਹ ਕਾਮਯਾਬ ਵੀ ਰਹੀ।
ਸਿੰਘ ਸਾਹਿਬ ਨੂੰ ਕੀਤੀ ਗਈ ਸ਼ਿਕਾਇਤ
ਧਾਰਮਿਕ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਿਕਾਇਤ ਦਿੱਤੀ ਕਿ ਹੁਕਮਨਾਮੇ ਮੁਤਾਬਕ ਸਮੂਹ ਸਿੱਖ ਸੰਗਤਾਂ ਨੂੰ ਡੇਰਾ ਸਿਰਸਾ ਜਾਂ ਇਸ ਦੇ ਸ਼ਰਧਾਲੂਆਂ ਦਾ ਸਮਾਜਿਕ ਬਾਈਕਾਟ ਕਰਨ ਦੇ ਹੁਕਮ ਹੋਏ ਸਨ। ਇਸ ਦੇ ਬਾਵਜੂਦ ਵੱਖ-ਵੱਖ ਸਿਆਸੀ ਧਿਰਾਂ ਦੇ ਕੁਝ ਸਿੱਖ ਆਗੂ ਡੇਰਾ ਸਿਰਸਾ ਵਿਖੇ ਵੋਟਾਂ ਮੰਗਣ ਲਈ ਗਏ। ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ‘ਤੇ ਸਿੰਘ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਕਿ ਇਕ ਵਿਸ਼ੇਸ਼ ਟੀਮ ਬਣਾ ਕੇ ਉਪਰੋਕਤ ਮਾਮਲੇ ਦੀ ਜਾਂਚ ਰਿਪੋਰਟ ਪੇਸ਼ ਕੀਤੀ ਜਾਵੇ।
ਰਿਪੋਰਟ ‘ਚ 48 ਸਿੱਖ ਆਗੂ ਦੋਸ਼ੀ ਕਰਾਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਸਿੰਘ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਇਕ ਜਾਂਚ ਕਮੇਟੀ ਬਣਾਈ, ਜਿਸ ਵਿਚ ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ ਤੇ ਬਲਦੇਵ ਸਿੰਘ ਕਾਇਮਪੁਰ ਨੂੰ ਸ਼ਾਮਲ ਕੀਤਾ ਗਿਆ। ਕਮੇਟੀ ਨੇ ਜਾਂਚ ਉਪਰੰਤ ਕੁਲ 48 ਸਿੱਖ ਲੀਡਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ‘ਚ ਸਭ ਤੋਂ ਵੱਧ ਅਕਾਲੀ ਦਲ ਦੇ 30 ਲੀਡਰ ਹਨ, ਜਦਕਿ ਕਾਂਗਰਸ ਦੇ 15 ਤੇ ‘ਆਪ’ ਦੇ 3 ਆਗੂ ਸ਼ਾਮਲ ਹਨ।
ਸਿੱਖ ਲੀਡਰ ਸਿਆਸੀ ਕੈਰੀਅਰ ਨੂੰ ਲੈ ਕੇ ਚਿੰਤਾ ‘ਚ
ਡੇਰਾ ਵਿਵਾਦ ਦੇ ਕਾਰਨ ਸਿੱਖ ਲੀਡਰਾਂ ਦਾ ਡੇਰਾ ਸਿਰਸਾ ਦੀਆਂ ਵੋਟਾਂ ਮੰਗਣਾ ਤੇ ਡੇਰਾ ਪ੍ਰੇਮੀਆਂ ਦਾ ਅਕਾਲੀ ਆਗੂਆਂ ਨੂੰ ਸਹਿਯੋਗ ਦੇਣਾ ਸੰਬੰਧਿਤ ਲੀਡਰਾਂ ਦੇ ਸਿਆਸੀ ਕੈਰੀਅਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨੂੰ ਲੈ ਕੇ ਉਹ ਖਾਸੀ ਚਿੰਤਾ ‘ਚ ਹਨ ਕਿਉਂਕਿ ਡੇਰਾ ਪ੍ਰੇਮੀਆਂ ਨਾਲ ਕੀਤਾ ਗਿਆ ਤਾਲਮੇਲ ਉਨ੍ਹਾਂ ਨਾਲੋਂ ਸਿੱਖ ਸੰਗਤਾਂ ਨੂੰ ਤੋੜ ਰਿਹਾ ਹੈ, ਜੋ ਅੱਗੇ ਵੀ ਜਾਰੀ ਰਹਿ ਸਕਦਾ ਹੈ।
ਭਾਵੇਂ ਆਉਣ ਵਾਲੇ ਸਮੇਂ ‘ਚ ਵੋਟਾਂ ਸਮੇਂ ਆਮ ਲੋਕ ਇਹ ਮਾਮਲਾ ਭੁੱਲ ਵੀ ਜਾਣ ਪਰ ਵਿਰੋਧੀ ਧਿਰਾਂ ਇਸ ਨੂੰ ਐਨ ਮੌਕੇ ‘ਤੇ ਮੁੜ ਉਭਾਰ ਲਿਆ ਕਰਨਗੀਆਂ ਤਾਂ ਕਿ ਸਿੱਖ ਵੋਟ ਬੈਂਕ ਨੂੰ ਸੰਨ੍ਹ ਲਾਈ ਜਾ ਸਕੇ।
ਇਥੇ ਹੀ ਬਸ ਨਹੀਂ, ਉਕਤ ਸਿੱਖ ਲੀਡਰ ਡੇਰਾ ਪ੍ਰੇਮੀਆਂ ਦੇ ਸਹਾਰੇ ਵੀ ਕੈਰੀਅਰ ਨਹੀਂ ਬਣਾ ਸਕਣਗੇ, ਜੋ ਇਨ੍ਹਾਂ ਨਾਲ ਕਦੇ ਵੀ ਪੱਕੇ ਨਹੀਂ ਜੁੜ ਸਕਦੇ ਕਿਉਂਕਿ ਡੇਰਾ ਪ੍ਰੇਮੀਆਂ ਦੀ ਆਪਣੀ ਮਰਜ਼ੀ ਨਹੀਂ ਚਲਦੀ, ਸਗੋਂ ਡੇਰੇ ਦਾ ਸਿਆਸੀ ਵਿੰਗ ਹੀ ਅੰਤਿਮ ਫੈਸਲਾ ਦਿੰਦਾ ਹੈ। ਇਸ ਲਈ ਉਕਤ ਸਿੱਖ ਲੀਡਰ ਕਸੂਤੀ ਸਥਿਤੀ ‘ਚ ਹਨ।
ਅਕਾਲੀ ਦਲ ਦਾ ਬਾਈਕਾਟ ਕਰਨ ਦੀ ਅਪੀਲ
ਇਸ ਮਾਮਲੇ ਨੂੰ ਲੈ ਕੇ ਡੇਰਾ ਪ੍ਰੇਮੀ ਅਕਾਲੀ ਦਲ ਨਾਲ ਰੁੱਸ ਗਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ‘ਚ ਮਦਦ ਲੈ ਕੇ ਅਕਾਲੀ ਦਲ ਨੇ ਇਹ ਮਾਮਲਾ ਉਭਾਰ ਲਿਆ ਹੈ, ਜਿਸ ਰਾਹੀਂ ਡੇਰੇ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਇਕ ਡੇਰਾ ਪ੍ਰੇਮੀ ਨੇ ਕਿਹਾ ਕਿ ਉਨ੍ਹਾਂ ਨਾ ਚਾਹੁੰਦੇ ਹੋਏ ਵੀ ਅਕਾਲੀ ਦਲ ਦੀ ਮਦਦ ਕੀਤੀ ਪਰ ਹੁਣ ਉਹ ਖੁਦ ਨੂੰ ਜ਼ਲੀਲ ਜਿਹਾ ਮਹਿਸੂਸ ਕਰ ਰਹੇ ਹਨ। ਉਹ ਡੇਰੇ ਦੇ ਸਿਆਸੀ ਵਿੰਗ ਨੂੰ ਅਪੀਲ ਕਰਨਗੇ ਕਿ ਅਗਾਂਹ ਤੋਂ ਅਕਾਲੀ ਦਲ ਦਾ ਬਾਈਕਾਟ ਕੀਤਾ ਜਾਵੇ।
ਮੈਂ ਡੇਰਾ ਸਿਰਸਾ ਨਹੀਂ ਗਿਆ ਸੀ : ਮਲੂਕਾ
ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਉਹ ਬਠਿੰਡਾ ਵਿਖੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਅਹੁਦੇਦਾਰਾਂ ਨੂੰ ਜ਼ਰੂਰ ਮਿਲੇ ਸਨ ਪਰ ਵੋਟਾਂ ਮੰਗਣ ਖਾਤਰ ਡੇਰਾ ਸਿਰਸਾ ਕਦੇ ਨਹੀਂ ਗਏ। ਉਹ ਡੇਰੇ ਦੇ ਕਿਸੇ ਵੀ ਧਾਰਮਿਕ ਸਮਾਗਮ ‘ਚ ਸ਼ਾਮਲ ਨਹੀਂ ਹੁੰਦੇ ਪਰ ਚੋਣਾਂ ‘ਚ ਮਦਦ ਮੰਗਣਾ ਵੱਖਰਾ ਮਾਮਲਾ ਹੈ। ਸ਼੍ਰੋਮਣੀ ਕਮੇਟੀ ਦੀ ਰਿਪੋਰਟ ‘ਚ ਨਾਂ ਸ਼ਾਮਲ ਹੋਣ ਬਾਰੇ ਸ. ਮਲੂਕਾ ਨੇ ਕਿਹਾ ਕਿ ਰਿਪੋਰਟ ‘ਚ ਉਸ ਦਾ ਕੀ ਕਸੂਰ ਦੱਸਿਆ ਗਿਆ ਹੈ, ਬਾਰੇ ਅਜੇ ਸਾਹਮਣੇ ਨਹੀਂ ਆਇਆ। ਫਿਰ ਵੀ ਜੇਕਰ ਤਖ਼ਤ ਸਾਹਿਬ ਦੇ ਜਥੇਦਾਰ ਕੋਈ ਧਾਰਮਿਕ ਸਜ਼ਾ ਦਿੰਦੇ ਵੀ ਹਨ ਤਾਂ ਵੀ ਉਨ੍ਹਾਂ ਨੂੰ ਕਬੂਲ ਹੋਵੇਗੀ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਨੋਟਿਸ ਹੋ ਚੁੱਕਾ ਹੈ-ਬਲਦੇਵ ਸਿੰਘ ਸਿਰਸਾ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਧਾਰਮਿਕ ਆਗੂ ਬਲਦੇਵ ਸਿੰਘ ਸਿਰਸਾ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ 1925 ਅਨੁਸਾਰ ਹਰ 5 ਸਾਲ ਬਾਅਦ ਚੋਣ ਹੋਣੀ ਚਾਹੀਦੀ ਹੈ। ਜੋ ਕਦੇ ਵੀ ਨਹੀਂ ਕਰਵਾਈ ਗਈ। ਸੰਨ 1978 ‘ਚ ਚੋਣ ਹੋਈ, ਜਿਸ ਤੋਂ ਬਾਅਦ 1996 ‘ਚ ਚੋਣ ਕਰਵਾਈ ਗਈ। ਕੌਣ ਜਵਾਬ ਦੇਵੇਗਾ ਕਿ ਇੰਨੇ ਸਾਲ ਕਿਉਂ ਲੰਘਾਏ ਗਏ। ਜੇਕਰ ਕਿਹਾ ਜਾਵੇ ਕਿ ਉਦੋਂ ਪੰਜਾਬ ਦਾ ਮਾਹੌਲ ਖਰਾਬ ਸੀ ਪਰ ਇਸ ਦੌਰਾਨ ਵਿਧਾਨ ਸਭਾ, ਪੰਚਾਇਤਾਂ ਤੇ ਹੋਰ ਚੋਣਾਂ ਤਾਂ ਹੁੰਦੀਆਂ ਰਹੀਆਂ ਹਨ। ਇਸ ਤੋਂ ਬਾਅਦ 2004 ‘ਚ ਚੋਣ ਕਰਵਾਈ ਗਈ ਤੇ ਫਿਰ 2011 ‘ਚ। ਹੁਣ ਵੀ ਦਸੰਬਰ 2016 ‘ਚ ਚੋਣ ਕਰਵਾਈ ਜਾਣੀ ਸੀ ਪਰ ਹੁਣ ਵੀ ਅਕਾਲੀ ਦਲ ਦਾ ਕਹਿਣਾ ਹੈ ਕਿ 5 ਸਾਲ ਬਾਅਦ ਚੋਣ ਕਰਵਾਉਣਾ ਬਣਦਾ ਹੈ। ਅਕਾਲੀ ਦਲ ਨੇ ਆਪਣੇ ਸਿਆਸੀ ਹਿੱਤਾਂ ਖਾਤਰ ਹਮੇਸ਼ਾ ਸਿੱਖ ਧਰਮ ‘ਤੇ ਸਿਆਸਤ ਕੀਤੀ ਹੈ, ਜਿਸ ਨਾਲ ਸਿੱਖ ਸੰਗਤਾਂ ਆਹਤ ਹੋਈਆਂ ਹਨ।
ਸ. ਸਿਰਸਾ ਨੇ ਦੱਸਿਆ ਕਿ ਉਨ੍ਹਾਂ ਹਾਈਕੋਰਟ ‘ਚ ਰਿੱਟ ਦਾਇਰ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਈ ਜਾਣੀ ਚਾਹੀਦੀ ਹੈ, ਜਿਸ ‘ਤੇ ਹਾਈਕੋਰਟ ਨੇ ਯੂਨੀਅਨ ਆਫ ਇੰਡੀਆ ਅਤੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਨੋਟਿਸ ਭੇਜ ਕੇ 31 ਮਾਰਚ ਨੂੰ ਇਸ ਦਾ ਜਵਾਬ ਮੰਗਿਆ ਹੈ।
ਗਿਆਨੀ ਗੁਰਬਚਨ ਸਿੰਘ ਜਥੇਦਾਰ ਹੀ ਨਹੀਂ ਹਨ : ਸੰਤ ਦਾਦੂਵਾਲ
ਬੁੱਧਵਾਰ ਨੂੰ ਆਵੇਗੀ ਜਾਂਚ ਰਿਪੋਰਟ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ (ਸਰਬੱਤ ਖਾਲਸਾ) ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗਿਆਨੀ ਗੁਰਚਬਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਨਹੀਂ ਹਨ ਕਿਉਂਕਿ ਸਰਬੱਤ ਖਾਲਸਾ ‘ਚ ਸੰਗਤਾਂ ਨੇ ਉਨ੍ਹਾਂ ਨੂੰ ਜਥੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਮਾਮਲੇ ਦੀ ਰਿਪੋਰਟ ਮੰਗ ਸਕਣ। ਸੰਤ ਦਾਦੂਵਾਲ ਨੇ ਕਿਹਾ ਕਿ ਸਿੱਖ ਲੀਡਰਾਂ ਵੱਲੋਂ ਡੇਰਾ ਪ੍ਰੇਮੀਆਂ ਤੋਂ ਵੋਟ ਮੰਗਣ ਦੇ ਮਾਮਲੇ ‘ਚ ਇਕ ਵਿਸ਼ੇਸ਼ ਕਮੇਟੀ ਰਾਹੀਂ ਜਾਂਚ ਰਿਪੋਰਟ ਤਿਆਰ ਕੀਤੀ ਗਈ ਹੈ, ਜੋ ਬੁੱਧਵਾਰ ਨੂੰ ਸਾਹਮਣੇ ਆ ਜਾਵੇਗੀ। ਉਸ ਤੋਂ ਬਾਅਦ ਦੋਸ਼ੀ ਲੀਡਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।