‘ਆਪ’ ਦੇ ਸੁਪਨੇ-ਦਾਅਵੇ ਸਭ ਚਕਨਾਚੂਰ

0
153

2017_3image_07_05_087820000blank_pknatcartoon_3512-llਚੰਡੀਗੜ੍ਹ (ਸ਼ਰਮਾ) – ਭਾਰਤੀ ਰਾਜਨੀਤੀ ‘ਚ ਅਚਾਨਕ ਉਭਰੀ ਆਮ ਆਦਮੀ ਪਾਰਟੀ (ਆਪ) ਦੇ ਵਿਸਥਾਰ ਦੇ ਮਨਸੂਬਿਆਂ ‘ਤੇ ਸੂਬੇ ਦੀ ਜਨਤਾ ਨੇ ਬ੍ਰੇਕ ਲਾ ਦਿੱਤੀ ਹੈ। ਚੋਣਾਂ ਦੌਰਾਨ ਤੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ 100 ਸੀਟਾਂ ‘ਤੇ ਜਿੱਤ ਦਾ ਦਾਅਵਾ ਕਰਨ ਵਾਲੀ ਤੇ ਆਉਂਦੀ 14 ਤੇ 15 ਮਾਰਚ ਨੂੰ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਰੋਹ ਦੇ ਆਯੋਜਨ ਦਾ ਐਲਾਨ ਕਰਨ ਵਾਲੀ ਇਸ ਪਾਰਟੀ ਨੂੰ ਸਿਰਫ 20 ਸੀਟਾਂ ‘ਤੇ ਹੀ ਸਬਰ ਕਰਨਾ ਪਿਆ ਹੈ। ਪਾਰਟੀ ਦੇ ਵੱਡੇ ਨੇਤਾਵਾਂ ਭਗਵੰਤ ਮਾਨ, ਜਰਨੈਲ ਸਿੰਘ ਤੇ ਹਿੰਮਤ ਸਿੰਘ ਸ਼ੇਰਗਿਲ, ਜਿਨ੍ਹਾਂ ਨੂੰ ਪਾਰਟੀ ਨੇ ਵਿਰੋਧੀ ਦਿੱਗਜਾਂ ਦੇ ਵਿਰੁੱਧ ਚੋਣ ਮੈਦਾਨ ‘ਚ ਉਤਾਰ ਕੇ ਉਨ੍ਹਾਂ ‘ਚ ਮੁੱਖ ਮੰਤਰੀ ਅਹੁਦੇ ਦੀ ਲਾਲਸਾ ਪੈਦਾ ਕਰ ਦਿੱਤੀ ਸੀ, ਨੂੰ ਵੀ ਜਨਤਾ ਨੇ ਨਕਾਰ ਦਿੱਤਾ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਮਾੜੇ ਪ੍ਰਦਰਸ਼ਨ ਕਾਰਨ ਹੁਣ ਆਮ ਆਦਮੀ ਪਾਰਟੀ ਦੇ ਇਕ ਨੇਤਾ ਨੂੰ ਵਿਰੋਧੀ ਦਲ ਦੇ ਨੇਤਾ ਦਾ ਅਹੁਦਾ ਮਿਲ ਸਕੇਗਾ।
ਐੱਨ. ਆਰ. ਆਈਜ਼ ਦਾ ਵੀ ਪੈਸਾ ਡੁੱਬਾ
ਇਨ੍ਹਾਂ ਚੋਣਾਂ ‘ਚ ਪਾਰਟੀ ਸਮਰਥਕ ਸੈਂਕੜੇ ਐੱਨ. ਆਰ. ਆਈਜ਼ ਨੇ ਤਨ-ਮਨ-ਧਨ ਨਾਲ ਪਾਰਟੀ ਨੂੰ ਸਹਿਯੋਗ ਦਿੱਤਾ ਸੀ। ਦੂਜੇ ਦਲਾਂ ਦੇ ਮੁਕਾਬਲੇ ‘ਆਪ’ ਸਮਰਥਕ ਐੱਨ. ਆਰ. ਆਈਜ਼ ਨਾ ਸਿਰਫ ਚੋਣ ਪ੍ਰਚਾਰ ਲਈ ਪੂਰੇ ਪੰਜਾਬ ‘ਚ ਡਟੇ ਰਹੇ ਸਗੋਂ ਵਿਦੇਸ਼ਾਂ ਤੋਂ ਸਪੈਸ਼ਲ ਜਹਾਜ਼ ਹਾਇਰ ਕਰਕੇ ਪੰਜਾਬ ਪਹੁੰਚੇ ਸਨ। ਪਾਰਟੀ ਦੇ ਖਰਾਬ ਪ੍ਰਦਰਸ਼ਨ ਮਗਰੋਂ ਵਿਦੇਸ਼ਾਂ ‘ਚ ਰਹਿ ਰਹੇ ਪੰਜਾਬੀ ਐੱਨ. ਆਰ. ਆਈਜ਼ ਦੇ ਇਸ ਚੋਣ ਪ੍ਰਚਾਰ ਤੇ ਪਾਰਟੀ ਸਹਿਯੋਗ ‘ਚ ਲੱਗੇ ਕਰੋੜਾਂ ਰੁਪਏ ਵੀ ਇਕ ਤਰ੍ਹਾਂ ਨਾਲ ਡੁੱਬ ਗਏ। ਹਾਲਾਂਕਿ ਪਾਰਟੀ ਦੇ ਓਵਰਸੀਜ਼ ਐੱਨ. ਆਰ. ਆਈ. ਸੈੱਲ ਦੇ ਕਨਵੀਨਰ ਜੀਵਨ ਰੰਧਾਵਾ ਦਾ ਕਹਿਣਾ ਹੈ ਕਿ ਐੱਨ. ਆਰ. ਆਈਜ਼ ਦੇ ਸਹਿਯੋਗ ਨੂੰ ਧਨ ਨਾਲ ਜੋੜਨਾ ਠੀਕ ਨਹੀਂ ਹੋਵੇਗਾ ਕਿਉਂਕਿ ਐੱਨ. ਆਰ. ਆਈਜ਼ ਆਪਣੀ ਇੱਛਾ ਨਾਲ ਪਾਰਟੀ ਦੀ ਸੋਚ ਨਾਲ ਜੁੜੇ ਹਨ।
ਇਹ ਰਹੇ ਹਾਰ ਦੇ ਮੁੱਖ ਕਾਰਨ
ਸੂਬੇ ‘ਚ ਸੱਤਾ ਸੁੱਖ ਦੇ ਸੁਪਨੇ ਦੇਖਣ ਵਾਲੀ ‘ਆਪ’ ਆਪਣੀ ਹਾਰ ਨੂੰ ਹੁਣ ਪਚਾ ਨਹੀਂ ਪਾ ਰਹੀ ਹੈ। ਸਵੇਰੇ ਚੋਣ ਨਤੀਜਿਆਂ ਦੇ ਸੰਕੇਤ ਸਾਹਮਣੇ ਆਉਣ ‘ਤੇ ਜਿਥੇ ਪਾਰਟੀ ਦੇ ਸੀਨੀਅਰ ਨੇਤਾਵਾਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਆਪਣਾ ਚੰਡੀਗੜ੍ਹ ਦੌਰਾ ਮੁਲਤਵੀ ਕਰ ਦਿੱਤਾ, ਉਥੇ ਹੀ ਪ੍ਰਤੀਕਿਰਿਆ ਜ਼ਾਹਿਰ ਕਰਨ ਲਈ ਮੋਬਾਇਲ ‘ਤੇ ਵੀ ਉਹ ਉਪਲੱਬਧ ਨਹੀਂ ਹੋਏ।
ਪਾਰਟੀ ਨਾਲ ਜੁੜੇ ਸੂਤਰਾਂ ਮੁਤਾਬਕ ਪਾਰਟੀ ਦੀ ਚੋਣ ਨਤੀਜਿਆਂ ‘ਚ ਹੋਈ ਫਜ਼ੀਹਤ ਦੇ ਮੁੱਖ ਕਾਰਨ ਕੇਜਰੀਵਾਲ ਤੇ ਦਿੱਲੀ ਦੇ ਹੋਰ ਨੇਤਾਵਾਂ ਦੇ ਹੱਥ ਪਾਵਰ ਸੈਂਟ੍ਰੇਲਾਈਜ਼ੇਸ਼ਨ, ਜਿੱਤ ਪ੍ਰਤੀ ਨੇਤਾਵਾਂ ਦਾ ਬੇਹੱਦ ਭਰੋਸਾ, ਟਿਕਟ ਵੰਡ ‘ਚ ਪਾਰਦਰਸ਼ਿਤਾ ਦੀ ਕਮੀ, ਪ੍ਰਭਾਵੀ ਸਥਾਨਕ ਲੀਡਰਸ਼ਿਪ ਨੂੰ ਉਭਰਨ ਨਾ ਦੇਣਾ, ਪ੍ਰਦੇਸ਼ ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ‘ਤੇ ਲੱਗੇ ਦੋਸ਼ਾਂ ਦੀ ਜਾਂਚ ਕੀਤੇ ਬਿਨਾਂ ਉਨ੍ਹਾਂ ਨੂੰ ਪਾਰਟੀ ਤੋਂ ਵੱਖ ਕਰਨਾ, ਕੇਜਰੀਵਾਲ ਦਾ ਪੰਜਾਬ ਦੌਰੇ ਦੌਰਾਨ ਕਥਿਤ ਅੱਤਵਾਦੀ ਦੇ ਘਰ ਠਹਿਰਨਾ ਅਤੇ ਚੋਣਾਂ ਦੌਰਾਨ ਦਿੱਲੀ ਸਰਕਾਰ ਦੇ ਮੰਤਰੀਆਂ ਤੇ ਹੋਰਨਾਂ ਪਾਰਟੀ ਨੇਤਾਵਾਂ ਦੇ ਕਾਰਨਾਮੇ ਜਨਤਕ ਹੋਣਾ ਰਹੇ ਹਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।